Tuesday, 21 January 2014

ਜਥੇਦਾਰ ਤੋਤਾ ਸਿੰਘ ਵੇਲੇ ਹੋਈਆਂ ਭਰਤੀਆਂ ਦੀ ਅਹਿਮ ਫਾਈਲ ਗਾਇਬ

ਚੰਡੀਗੜ੍ਹ, 20 ਜਨਵਰੀ (ਗੁਰਸੇਵਕ ਸਿੰਘ ਸੋਹਲ)-ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਵੇਲੇ ਹੋਈ 44 ਸਕੂਲ ਲੈਕਚਰਾਰਾਂ ਦੀ ਭਰਤੀ ਸਬੰਧੀ ਅਹਿਮ ਫਾਈਲ ਸਰਕਾਰੀ ਰਿਕਾਰਡ 'ਚੋਂ ਗਾਇਬ ਹੋ ਗਈ ਹੈ | ਜਾਣਕਾਰਾਂ ਅਨੁਸਾਰ ਉਹ ਇੱਕੋ-ਇਕ ਅਜਿਹੀ ਫਾਈਲ ਸੀ, ਜਿਸ ਵਿਚ ਉਸ ਭਰਤੀ ਨੂੰ ਅੰਜ਼ਾਮ ਦੇਣ ਵਾਲੀ 'ਇੰਟਰਵਿਊ ਕਮੇਟੀ' ਦਾ ਗਠਨ ਜਥੇਦਾਰ ਤੋਤਾ ਸਿੰਘ ਵੱਲੋਂ ਕੀਤੇ ਜਾਣ ਦੀ ਸੂਚਨਾ ਦਰਜ ਸੀ | ਸਾਲ 2001 ਵਿਚ ਕੀਤੀ ਗਈ ਭਰਤੀ ਵਿਚ ਬੇਨਿਯਮੀਆਂ ਦੀ ਸ਼ਿਕਾਇਤ ਤਿੰਨ ਉਮੀਦਵਾਰਾਂ ਨੇ ਪੰਜਾਬ ਲੋਕਪਾਲ ਨੂੰ ਕੀਤੀ ਸੀ | ਪੰਜਾਬ ਦੇ ਲੋਕਪਾਲ ਜਸਟਿਸ (ਰਿਟਾ:) ਜੈ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਨੂੰ ਇਹ ਭਰਤੀ ਕਰਨ ਵਾਲੀ ਇੰਟਰਵਿਊ ਕਮੇਟੀ ਦੇ ਗਠਨ ਬਾਰੇ ਫਾਈਲ ਪੇਸ਼ ਕਰਨ ਲਈ ਕਿਹਾ ਸੀ, ਕਿਉਂਕਿ ਇੰਟਰਵਿਊ ਕਮੇਟੀ ਵਿਚ ਦੋ ਸਕੂਲ ਲੈਕਚਰਾਰਾਂ ਨੂੰ ਹੀ ਬਤੌਰ ਮੈਂਬਰ ਸ਼ਾਮਿਲ ਕਰ ਲਿਆ ਗਿਆ ਸੀ, ਜਦਕਿ ਸਕੂਲ ਲੈਕਚਰਾਰਾਂ ਦੀ ਹੀ ਭਰਤੀ ਹੋ ਰਹੀ ਸੀ | ਲੋਕਪਾਲ ਦੀ ਅਦਾਲਤ 'ਚ ਪੇਸ਼ ਹੋ ਕੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਪਰੋਕਤ ਫਾਈਲ (ਨੰਬਰ 7/82/2001-2ਈਡੀਯੂ-2/19485-89) ਗੁੰਮ ਹੋ ਗਈ ਹੈ ਅਤੇ ਫਾਈਲ ਗੁੰਮ ਹੋਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ | ਲਗਭਗ 11 ਸਾਲ ਪੁਰਾਣੇ ਇਸ ਮਾਮਲੇ ਦਾ ਫੈਸਲਾ ਸੁਣਾਉਂਦਿਆਂ ਲੋਕਪਾਲ ਨੇ ਉਪਰੋਕਤ ਇੰਟਰਵਿਊ ਕਮੇਟੀ ਦੇ ਗਠਨ ਨੂੰ ਨਾਜਾਇਜ਼ ਕਰਾਰ ਦਿੱਤਾ ਹੈ ਅਤੇ ਬਣਦੀ ਕਾਰਵਾਈ ਲਈ ਮਾਮਲਾ ਰਾਜਪਾਲ ਪੰਜਾਬ ਨੂੰ ਭੇਜ ਦਿੱਤਾ ਹੈ | ਅਸਲ ਵਿਚ ਜਥੇਦਾਰ ਤੋਤਾ ਸਿੰਘ ਦੇ ਸਿੱਖਿਆ ਮੰਤਰੀ ਹੁੰਦਿਆਂ ਇਤਿਹਾਸ ਵਿਸ਼ੇ ਦੇ 44 ਸਕੂਲ ਲੈਕਚਰਾਰਾਂ ਦੀ ਭਰਤੀ ਦੌਰਾਨ ਵੇਲੇ ਮੈਰਿਟ ਸੂਚੀ 'ਚ ਮੋਹਰੀ ਸਥਾਨ ਹਾਸਿਲ ਕਰਨ ਵਾਲਿਆਂ ਵਿਚ ਬਠਿੰਡਾ ਦੇ ਦੋ ਉਮੀਦਵਾਰ ਗੁਰਜੀਤ ਸਿੰਘ ਚੁੱਘੇਕਲਾਂ, ਰਜਿੰਦਰ ਸਿੰਘ ਅਤੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰਲਾਦ ਸਿੰਘ ਵੀ ਸ਼ਾਮਿਲ ਸਨ | ਪਰ ਇੰਟਰਵਿਊ ਕਮੇਟੀ ਨੇ ਭਰਤੀ ਕੀਤੇ ਉਮੀਦਵਾਰਾਂ ਨੂੰ ਇੰਟਰਵਿਊ 'ਚ ਜਿਥੇ 15 'ਚੋਂ 12 ਜਾਂ 13 ਨੰਬਰ ਦਿੱਤੇ, ਉਥੇ ਉਪਰੋਕਤ ਤਿੰਨਾਂ ਉਮੀਦਵਾਰਾਂ ਨੂੰ 7 ਜਾਂ 8 ਨੰਬਰ ਹੀ ਦਿੱਤੇ ਗਏ | ਇਨ੍ਹਾਂ ਤਿੰਨਾਂ ਉਮੀਦਵਾਰਾਂ ਨੇ ਮਾਮਲੇ ਦੀ ਸ਼ਿਕਾਇਤ ਸਾਲ 2008 ਵਿਚ ਪੰਜਾਬ ਲੋਕਪਾਲ ਨੂੰ ਕਰ ਦਿੱਤੀ | ਪੰਜਾਬ ਲੋਕਪਾਲ ਦੇ ਆਈ.ਜੀ. ਨੇ ਮਾਮਲੇ ਦੀ ਜਾਂਚ ਕਰਦਿਆਂ ਲੋਕਪਾਲ ਨੂੰ ਪੇਸ਼ ਕੀਤੀ ਆਪਣੀ ਰਿਪੋਰਟ 'ਚ ਦੱਸਿਆ ਕਿ ਇੰਟਰਵਿਊ ਬੋਰਡ ਨੇ ਭਰਤੀ ਵੇਲੇ ਨਿਰਪੱਖ ਭੂਮਿਕਾ ਨਹੀਂ ਨਿਭਾਈ | ਇੰਟਰਵਿਊ ਕਮੇਟੀ ਵਿਚ ਉਸ ਵੇਲੇ ਦੇ ਇਕ ਮੰਡਲ ਸਿੱਖਿਆ ਅਧਿਕਾਰੀ ਹਰੀ ਸਿੰਘ ਨੂੰ ਚੇਅਰਮੈਨ ਬਣਾਇਆ ਗਿਆ ਸੀ, ਜਦਕਿ ਇਕ ਨਾਇਬ ਤਹਿਸੀਲਦਾਰ ਸੋਮ ਸਿੰਘ, ਲੈਕਚਰਾਰ ਰਤਨ ਲਾਲ, ਲੈਕਚਰਾਰ ਜੋਗਿੰਦਰ ਸਿੰਘ ਅਤੇ ਪੰਜਾਬ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਮੋਹਨ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ | ਹੈਰਾਨੀਜਨਕ ਗੱਲ ਇਹ ਹੈ ਕਿ ਸਕੂਲ ਲੈਕਚਰਾਰਾਂ ਦੀ ਇੰਟਰਵਿਊ ਲਈ ਸਕੂਲ ਲੈਕਚਰਾਰਾਂ ਨੂੰ ਹੀ ਇੰਟਰਵਿਊ ਕਮੇਟੀ 'ਚ ਮੈਂਬਰ ਬਣਾ ਦਿੱਤਾ ਗਿਆ | ਇਸ ਤੋਂ ਇਲਾਵਾ ਇਕ ਨਾਇਬ ਤਹਿਸੀਲਦਾਰ, ਜਿਸ ਦਾ ਸਿੱਖਿਆ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ, ਨੂੰ ਇੰਟਰਵਿਊ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਸੀ |

No comments: