Tuesday, 14 January 2014

ਬੁਰੀ ਨਜ਼ਰ ਤੋਂ ਡਰਦੇ ਹਨ ਸਿੱਖਿਆ ਮੰਤਰੀ
Posted On January - 13 - 2014
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 13 ਜਨਵਰੀ
ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਬੁਰੀਆਂ ਨਜ਼ਰਾਂ ਅਤੇ ਬਲਾਵਾਂ ਤੋਂ ਡਰਦੇ ਹਨ। ਸਿੱਖਿਆ ਮੰਤਰੀ ਦੀ ਕਾਰ ਅੱਗੇ ਟੁੱਟਾ ਛਿੱਤਰ ਬੰਨ੍ਹਿਆ ਗਿਆ ਹੈ ਤਾਂ ਕਿ ਉਨ੍ਹਾਂ ਦੀ ਮਹਿੰਗੀ ਗੱਡੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਨਾ ਹੀ ਕੋਈ ਨੁਕਸਾਨ ਹੋਵੇ। ਅੱਜ ਫ਼ਰੀਦਕੋਟ ਫੇਰੀ ਸਮੇਂ ਸਿੱਖਿਆ ਮੰਤਰੀ ਜਦੋਂ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਅਚਾਨਕ ਚੈਕਿੰਗ ਕਰਨ ਲਈ ਗਏ ਤਾਂ ਸਕੂਲ ਦੀ ਇੱਕ ਵਿਦਿਆਰਥਣ ਨੇ ਇਹ ਮਾਮਲਾ ਜੱਗ ਜ਼ਾਹਰ ਕੀਤਾ ਕਿ ਉਨ੍ਹਾਂ ਦਾ ਸਿੱਖਿਆ ਮੰਤਰੀ ਕਥਿਤ ਤੌਰ ’ਤੇ ਅੰਧਵਿਸ਼ਵਾਸ਼ੀ ਹੈ ਅਤੇ ਉਨ੍ਹਾਂ ਨੂੰ ਬੁਰੀਆਂ ਨਜ਼ਰਾਂ ਤੇ ਬਲਾਵਾਂ ਤੋਂ ਡਰ ਲੱਗਦਾ ਹੈ। ਇਸੇ ਕਰਕੇ ਉਨ੍ਹਾਂ ਨੇ ਆਪਣੀ ਫਾਰਚੂਨਰ ਕਾਰ ਪੀਬੀ03ਐੱਸ 0001 ਅੱਗੇ ਛਿੱਤਰ ਬੰਨ੍ਹਿਆ ਹੈ। ਵੈਸੇ ਕਿਸੇ ਵੀ ਵਾਹਨ ਜਾਂ ਹੋਰ ਥਾਂ ’ਤੇ ਟੁੱਟਿਆ ਛਿੱਤਰ ਬੰਨ੍ਹਣ ਦੀ ਕੋਈ ਲੋੜ ਨਹੀਂ ਹੁੰਦੀ। ਸਿੱਖਿਆ ਮੰਤਰੀ ਨੇ ਇਸ ਬਾਰੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਹ ਬਿਨਾਂ ਬੋਲਿਆਂ ਹੀ ਕਾਰ ਵਿੱਚ ਬੈਠ ਗਏ ਲੇਕਿਨ ਵਿਦਿਆਰਥਣਾਂ ਵਿੱਚ ਇਹ ਮੁੱਦਾ ਕਾਫ਼ੀ ਸਮਾਂ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸੇਵਾ ਮੁਕਤ ਅਧਿਆਪਕ ਅਤੇ ਮਜ਼ਦੂਰ ਆਗੂ ਬੂਟਾ ਸਿੰਘ ਨੇ ਕਿਹਾ ਕਿ ਅਜਿਹਾ ਸਿੱਖਿਆ ਮੰਤਰੀ ਸੂਬੇ ਦੇ ਸਿੱਖਿਆ ਪ੍ਰਬੰਧ ਵਿੱਚ ਕੋਈ ਸੁਧਾਰ ਨਹੀਂ ਲਿਆ ਸਕਦਾ ਜੋ ਖੁਦ ਅੰਧ ਵਿਸ਼ਵਾਸੀ ਹੋਵੇ, ਇਸ ਕਰਕੇ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਵਿਦਿਆਰਥੀ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਵਿਭਾਗ ਦੇ ਮੰਤਰੀ ਹੀ ਅੰਧ ਵਿਸ਼ਵਾਸ਼ੀ ਹੋਣ ਉੱਥੇ ਬਾਕੀ ਅਮਲੇ ਦੇ ਪ੍ਰਬੰਧ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਭੂਰਾ ਸਿੰਘ ਮਹਿਮਾ ਸਰਜਾ ਅਤੇ ਹੇਮ ਰਾਜ ਸਟੈਨੋ ਨੇ ਕਿਹਾ ਕਿ ਮੰਤਰੀ ਦੀ ਅਜਿਹੀ ਮਾਨਸਿਕਤਾ ਕਦੇ ਵੀ ਸਮਾਜ ਦੇ ਵਿਕਾਸ ਦੀ ਪੈਰਵੀ ਨਹੀਂ ਕਰ ਸਕਦੀ।

No comments: