Sunday, 19 January 2014

ਈਟੀਟੀ ਤੇ ਬੀਐੱਡ ਦੀ ਯੋਗਤਾ ਪ੍ਰੀਖਿਆ ਦਾ ਨਤੀਜਾ ਰਿਹਾ ਮਾੜਾ
Posted On January - 19 - 2014

ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਜਨਵਰੀ
ਐਲੀਮੈਂਟਰੀ ਟੀਚਰ ਟ੍ਰੇਨਿੰਗ ਈ.ਟੀ.ਟੀ. ਤੇ ਬੀ.ਐੱਡ ਉਮੀਦਵਾਰਾਂ ਵੱਲੋਂ ਦਿੱਤੇ ਗਏ ਪੰਜਾਬ ਰਾਜ ਯੋਗਤਾ ਟੈਸਟ ਦਾ ਨਤੀਜਾ ਮਾੜਾ ਆਇਆ ਹੈ। ਇਹ ਟੈਸਟ ਈ.ਟੀ.ਟੀ. ਤੇ ਬੀ.ਐੱਡ ਵਾਲਿਆਂ ਨੂੰ ਸਰਕਾਰੀ ਟੀਚਰ ਲੱਗਣ ਲਈ ਦੇਣਾ ਲਾਜ਼ਮੀ ਹੁੰਦਾ ਹੈ। ਇਸ ਟੈਸਟ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ ਕਿ ਈ.ਟੀ.ਟੀ. ਦੇ 50 ਹਜ਼ਾਰ ਦੇ ਕਰੀਬ ਉਮੀਦਵਾਰਾਂ ਵੱਲੋਂ ਦਿੱਤੇ ਗਏ ਟੈਸਟ ਵਿੱਚੋਂ ਸਿਰਫ 700 ਹੀ ਪਾਸ ਹੋ ਸਕੇ। ਬੀ.ਐੱਡ ਦਾ ਨਤੀਜਾ ਤਾਂ ਇਸ ਤੋਂ ਵੀ ਮਾੜਾ ਹੈ, ਜਿਸ ਦੇ 2 ਲੱਖ 9 ਹਜ਼ਾਰ ਉਮੀਦਵਾਰਾਂ ਵਿੱਚੋਂ ਸਿਰਫ 172 ਹੀ ਪਾਸ ਹੋਏ। ਇਹ ਟੈਸਟ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਲਿਆ ਜਾਂਦਾ ਹੈ। 28 ਦਸੰਬਰ ਨੂੰ ਇਹ ਟੈਸਟ ਲਿਆ ਗਿਆ ਸੀ, ਜਿਸ ਦਾ ਨਤੀਜਾ ਹਾਲ ਹੀ ਵਿੱਚ ਆਇਆ ਹੈ।
ਪੰਜਾਬ ਰਾਜ ਯੋਗਤਾ ਟੈਸਟ ਵਿੱਚੋਂ ਉਮੀਦਵਾਰਾਂ ਨੂੰ 150 ਅੰਕਾਂ ਵਾਲੇ ਪੇਪਰ ਵਿੱਚੋਂ ਈ.ਟੀ.ਟੀ. ਵਾਲਿਆਂ ਨੂੰ 80 ਅੰਕ ਤੇ ਬੀ.ਐੱਡ ਵਾਲਿਆਂ ਨੂੰ 90 ਅੰਕ ਲੈਣੇ ਲਾਜ਼ਮੀ ਹੁੰਦੇ ਹਨ ਤਾਂ ਹੀ ਉਨ੍ਹਾਂ ਨੂੰ ਇੰਟਰਵਿਊ ਲਈ ਸੱਦਿਆ ਜਾਂਦਾ ਹੈ। ਪੰਜਾਬ ਰਾਜ ਯੋਗਤਾ ਟੈਸਟ ਕਰਵਾਉਣ ਵਾਲੇ ਵਿਭਾਗ ਨੇ ਦੱਸਿਆ ਕਿ ਇਸ ਵਾਰ ਦਾ ਨਤੀਜਾ ਸਭ ਤੋਂ ਮਾੜਾ ਆਇਆ ਹੈ। ਇਸ ਤੋਂ ਪਹਿਲਾਂ ਸਾਲ 2012 ਵਿੱਚ ਕਰਵਾਏ ਗਏ ਟੈਸਟ ਦੌਰਾਨ ਈ.ਟੀ.ਟੀ. ਵਾਲਿਆਂ ਦਾ ਨਤੀਜਾ 17.4 ਫੀਸਦੀ ਰਿਹਾ ਸੀ ਜਿਹੜਾ ਕਿ ਇਸ ਵਾਰ 1.4 ਫੀਸਦੀ ਰਿਹਾ ਹੈ। ਇਸੇ ਤਰ੍ਹਾਂ ਬੀ.ਐੱਡ ਦਾ ਪਿਛਲੇ ਸਾਲ ਨਤੀਜਾ 3.05 ਫੀਸਦੀ ਰਿਹਾ ਸੀ, ਜੋ ਕਿ ਹੁਣ ਘਟ ਕੇ 0.8 ’ਤੇ ਆ ਗਿਆ ਹੈ।ਸੂਤਰਾਂ ਅਨੁਸਾਰ ਬੀ.ਐੱਡ ਦੀ ਸ਼੍ਰੇਣੀ ਵਿੱਚ ਟੈਸਟ ਦੇਣ ਵਾਲਿਆਂ ਵਿੱਚ ਕਈ ਉਮੀਦਵਾਰ ਐਮ.ਐੱਡ ਤੇ ਪੀ.ਐਚ.ਡੀ. ਸਨ, ਜਿਹੜੇ ਕਿ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੇ।

No comments: