Monday, 20 January 2014

ਤਨਖਾਹਾਂ ਸਮੇਂ ਸਿਰ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ’ਚ ਰੋਸ
Posted On January - 20 - 2014

ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਜਨਵਰੀ
ਕੰਪਿਊਟਰ ਮਾਸਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਬਾਜਵਾ ਨੇ ਇਥੇ ਕਿਹਾ ਕਿ ਪੰਜਾਬ ਭਰ ਦੇ 7000 ਸਰਕਾਰੀ ਕੰਪਿਊਟਰ ਅਧਿਆਪਕ, ਜੋ ਕਲੈਰੀਕਲ ਕੰਮ ਦੇ ਨਾਲ-ਨਾਲ, ਦੋ-ਦੋ ਸਕੂਲਾਂ ਵਿਚ ਜਾ ਕੇ ਪੜ੍ਹਾਉਂਦੇ ਹਨ, ਨੂੰ ਅੱਧੀ ਜਨਵਰੀ ਬੀਤ ਜਾਣ ਤੋਂ ਬਾਅਦ ਵੀ ਦਸੰਬਰ ਮਹੀਨੇ ਦੀ ਤਨਖਾਹ ਨਹੀਂ ਮਿਲੀ ਅਤੇ ਨਾਲ ਹੀ ਉਨ੍ਹਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦਾ 8 ਫੀਸਦੀ ਡੀ.ਏ. ਏਰੀਅਰ ਵੀ ਨਹੀਂ ਦਿੱਤਾ ਗਿਆ।
ਇਥੇ ਇਕ ਬਿਆਨ ਵਿਚ ਸ੍ਰੀ ਬਾਜਵਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਦਸੰਬਰ ਮਹੀਨੇ ਦੀ ਤਨਖਾਹ ਇਸ ਵਾਰ ਵੀ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਕਦੇ ਵੀ ਤਨਖਾਹ ਸਮੇਂ ’ਤੇ ਨਸੀਬ ਨਹੀਂ ਹੋਈ। ਸ੍ਰੀ ਬਾਜਵਾ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਵੱਲੋਂ ਹਰ ਮਹੀਨੇ ਤਨਖਾਹ ਜਾਣ-ਬੁੱਝ ਕੇ ਲੇਟ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਆਲਮ ਇਹ ਹੁੰਦਾ ਹੈ ਕਿ ਤਨਖਾਹ ਚਾਰ-ਚਾਰ ਮਹੀਨੇ ਬਾਅਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਲਈ ਸਬੰਧਤ ਵਿਭਾਗ ਨੇ ਅਜੇ ਤਕ ਜ਼ਿਲ੍ਹਾ ਹੈਡ ਕੁਆਟਰਾਂ ਤੋਂ ਡੀ.ਏ. ਏਰੀਅਰ ਦੇ ਬਿੱਲਾਂ ਦੀ ਡਿਮਾਂਡ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਪੱਖਪਾਤ ਵਾਲੇ ਰਵੱਈਏ ਦੀ ਯੂਨੀਅਨ ਪੁਰਜ਼ੋਰ ਅਲੋਚਨਾ ਕਰਦੀ ਹੈ।

No comments: