Tuesday, 21 January 2014

ਤਰੱਕੀਆਂ ਲਈ ਹਿੰਦੀ ਅਧਿਆਪਕਾਂ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ
Posted On January - 20 - 2014

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜਨਵਰੀ
ਹਿੰਦੀ ਸ਼ਿਕਸ਼ਕ ਸੰਘ ਪੰਜਾਬ ਨੇ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਮੀਮੋ ਨੰਬਰ 16/2–13 ਸਅ–1 (1,2,7) ਵਾਲੀ ਚਿੱਠੀ ਲਿਖ ਕੇ ਮੁੱਖ ਅਧਿਆਪਕ/ਅਧਿਆਪਕਾਵਾਂ ਦੇ ਪਦ–ਉਨਤੀ ਲਈ ਮੰਗੀ ਸੂਚਨਾ ਦੀ ਨਿਖੇਧੀ ਕੀਤੀ ਹੈ। ਇਸ ਸੂਚੀ ਵਿੱਚ ਹਿੰਦੀ ਅਧਿਆਪਕਾਂ ਨੂੰ ਪਦ–ਉਨਤੀ ਲਈ ਨਾ ਵਿਚਾਰੇ ਜਾਣ ’ਤੇ ਹਿੰਦੀ ਸਿਕਸ਼ਕ ਸੰਘ ਪੰਜਾਬ ਦੇ ਆਗੂਆਂ ਨੇ ਵਿਰੋਧ ਕੀਤਾ ਹੈ।
ਸੰਘ ਦੇ ਪ੍ਰਧਾਨ ਮੁਨੀਸ਼ ਨੇ ਕਿਹਾ ਕਿ ਇਸ ਚਿੱਠੀ ਰਾਹੀਂ ਪਦ–ਉਨਤੀ ਲਈ ਸਮਾਜਿਕ ਸਿੱਖਿਆ, ਸਾਇੰਸ, ਗਣਿਤ, ਪੰਜਾਬੀ, ਹਿੰਦੀ, ਡੀ.ਪੀ.ਈ., ਹੋਮ ਸਾਇੰਸ, ਫਾਈਨ ਆਰਟਸ, ਸੰਸਕ੍ਰਿਤ, ਐਗਰੀਕਲਚਰ ਅਤੇ ਸੰਗੀਤ ਆਦਿ ਦੇ ਵਿਸ਼ਿਆਂ ਵਾਲੇ ਅਧਿਆਪਕਾਂ ਦੀ ਸੂਚੀ ਤਾਂ ਮੰਗੀ ਗਈ ਹੈ ਪਰ ਹਿੰਦੀ ਅਧਿਆਪਕਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਨੇਤਰਹੀਣ ਹਿੰਦੀ ਅਧਿਆਪਕਾਂ ਨੂੰ ਹੀ ਇਸ ਸੂਚੀ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਪੜ੍ਹਾਉਣ ਵਾਲਿਆਂ ਨਾਲ ਅਜਿਹਾ ਵਿਤਕਰਾ ਕਰਨਾ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਘ ਵੱਲੋਂ ਇਸ ’ਤੇ ਵਿਚਾਰਾਂ ਕਰਨ ਲਈ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹਿੰਦੀ ਅਧਿਆਪਕਾਂ ਨਾਲ ਪਹਿਲਾਂ ਵੀ ਉਸ ਸਮੇਂ ਧੱਕਾ ਹੋਇਆ ਜਦੋਂ ਹਿੰਦੀ ਲੈਕਚਰਾਰ ਦੇ ਕੇਸਾਂ ਲਈ 31–12–1990 ਤੱਕ ਦੇ ਜਦਕਿ ਹੋਰਨਾਂ ਵਿਸ਼ਿਆਂ ਦੇ 2006 ਤੱਕ ਕੇਸ ਮੰਗੇ ਗਏ ਸਨ। ਉਨ੍ਹਾਂ ਕਿਹਾ ਕਿ ਹਿੰਦੀ ਅਧਿਆਪਕਾਂ ਨੂੰ ਸਿਰਫ ਮੁੱਖ ਅਧਿਆਪਕ ਪਦ–ਉਨਤੀ ਦੇ ਕੇਸਾਂ ਵਿੱਚ ਹੀ ਥੋੜ੍ਹੀ ਬਹੁਤ ਉਮੀਦ ਬਚੀ ਸੀ ਜੋ ਉੱਕਤ ਚਿੱਠੀ ਵਿੱਚ ਮੁੱਖ ਅਧਿਆਪਕਾਂ ਦੀ ਪਦ-ਉਨਤੀ ਲਈ ਹਿੰਦੀ ਵਿਸ਼ੇ ਦੇ ਮਾਸਟਰਾਂ/ਅਧਿਆਪਕਾਵਾਂ ਨੂੰ ਲਾਂਭੇ ਕੀਤੇ ਜਾਣ ਨਾਲ ਖਤਮ ਹੋ ਗਈ ਹੈ। ਹੁਣ ਹਿੰਦੀ ਅਧਿਆਪਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ ਲੱਗ ਪਏ ਹਨ ਅਤੇ ਉਨ੍ਹਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।
ਪ੍ਰਧਾਨ ਮਨੀਸ਼ ਕੁਮਾਰ ਅਤੇ ਜਨਰਲ ਸਕੱਤਰ ਮਨੋਜ ਕੁਮਾਰ ਨੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਦ–ਉਨਤੀਆਂ ਦੇ ਵਿੱਚ ਵੱਖ–2 ਕੈਟਾਗਿਰੀ ਦੇ ਨਾਲ ਨਾਲ ਹਿੰਦੀ ਅਧਿਆਪਕਾਂ ਬਾਰੇ ਵੀ ਵਿਚਾਰ ਕੀਤਾ ਜਾਵੇ।

No comments: