Sunday, 23 February 2014

ਏਡਿਡ ਸਕੂਲਾਂ ਦੇ ਮੁਲਾਜ਼ਮਾਂ ਵੱਲੋਂ ਠੇਕੇ ਅਧੀਨ ਭਰਤੀ ਦਾ ਵਿਰੋਧ
Posted On February - 23 - 2014

ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 22 ਫਰਵਰੀ
ਪੰਜਾਬ ਦੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਏਡਿਡ ਸਕੂਲਾਂ ਵਿੱਚ ਭਰਤੀ ਕਰਨ ਦੇ ਐਲਾਨ ਦਾ ਤਿੱਖਾ ਵਿਰੋਧ ਕਰਦਿਆਂ ਇਸ ਦੇ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ।
ਉਨ੍ਹਾਂ ਇਸ ਐਲਾਨ ਨੂੰ ਰੱਦ ਕਰਕੇ ਏਡਿਡ ਸਕੂਲਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਰਜ਼ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਯੂਨੀਅਨ ਦੇ ਸੂਬਾ ਕਾਰਜਕਾਰਨੀ ਮੈਂਬਰ ਪ੍ਰਿੰਸੀਪਲ ਸ਼ਾਦੀ ਲਾਲ, ਤਰਸੇਮ ਸਿੰਘ, ਜ਼ਿਲ੍ਹਾ ਸਕੱਤਰ ਠਾਕੁਰ ਜਗਦੀਸ਼ ਸਿੰਘ, ਪ੍ਰਿੰਸੀਪਲ ਅਰੁਣ ਕੁਮਾਰ, ਨਰੇਸ਼ ਸ਼ਰਮਾ, ਰਾਜੇਸ਼ ਸੋਈ, ਜਸਜੀਤ ਸਿੰਘ, ਅਨਿਲ ਹਾਂਡਾ, ਪ੍ਰੇਮ ਸਾਗਰ, ਬ੍ਰਿਜ ਮਨੀ ਆਦਿ ਨੇ ਕਿਹਾ ਕਿ ਉਹ ਰਲੇਵੇਂ ਦੀ ਮੰਗ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਿੱਖਿਆ ਮੰਤਰੀ ਕਈ ਵਾਰੀ ਉਨ੍ਹਾਂ ਦੀ ਇਸ ਮੰਗ ਨੂੰ ਜਾਇਜ਼ ਦੱਸਦਿਆਂ ਗੰਭੀਰਤਾ ਨਾਲ ਵਿਚਾਰ ਕਰਨ ਬਾਰੇ ਕਹਿ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ 7 ਫਰਵਰੀ ਨੂੰ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਦਾ ਇੱਕ ਵਫ਼ਦ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਦੀ ਅਗਵਾਈ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਸੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ
ਯੂਨੀਅਨ ਆਗੂਆਂ ਨੇ ਕਿਹਾ ਕਿ 18 ਫਰਵਰੀ ਨੂੰ ਸਰਕਾਰ ਵੱਲੋਂ ਕੀਤੇ ਐਲਾਨ ਕਿ ਸਰਕਾਰ ਏਡਿਡ ਸਕੂਲਾਂ ਵਿੱਚ 4000 ਹੋਰ ਪੋਸਟਾਂ ਭਰੇਗੀ, ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋਣ ਦੀ ਥਾਂ ਹੋਰ ਉਲਝ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਕੰਮ ਕਰ ਰਹੇ 4000 ਕਰਮਚਾਰੀਆਂ ਨੂੰ ਤਾਂ ਸਰਕਾਰ ਪਹਿਲਾਂ ਹੀ ਸਮੇਂ ਸਿਰ ਤਨਖਾਹ ਨਹੀਂ ਦੇ ਰਹੀ, ਨਵੀਂ ਭਰਤੀ ਨਾਲ ਉਨ੍ਹਾਂ ਨੂੰ ਪਹਿਲਾਂ ਮਿਲਦੀ ਤਨਖਾਹ ਵੀ ਬੰਦ ਹੋ ਜਾਵੇਗੀ।
ਆਗੂਆਂ ਨੇ ਕਿਹਾ ਕਿ ਪ੍ਰਬੰਧਕ ਕਮੇਟੀਆਂ ਲਈ ਤਾਂ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਆਪਣੇ ਹਿੱਸੇ ਦਾ 5 ਫੀਸਦ ਵੇਤਨ ਦੇਣਾ ਔਖਾ ਹੋਇਆ ਪਿਆ ਹੈ, ਨਵੇਂ ਮੁਲਾਜ਼ਮਾਂ ਲਈ 5 ਫੀਸਦ ਹਿੱਸਾ ਦੇਣ ਲਈ ਪੈਸੇ ਕਿੱਥੋਂ ਆਉਣਗੇ। ਇਸ ਨੂੰ ਸਰਕਾਰ ਦੀ ਦੋਗਲੀ ਨੀਤੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਨੀਅਤ ਨਾਲ ਠੇਕੇ ’ਤੇ ਪੋਸਟਾਂ ਭਰਨ ਦੀ ਕੋਸ਼ਿਸ਼ ਕਰ ਰਹੀ ਤਾਂ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਸਰਕਾਰ ਆਪਸ ਵਿੱਚ ਲੜਾ ਸਕੇ।
ਉਨ੍ਹਾਂ ਦਾਅਵਾ ਕੀਤਾ ਕਿ ਏਡਿਡ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਇੱਕੋ ਇੱਕ ਹੱਲ ਰਲੇਵਾਂ ਹੈ ਅਤੇ ਮੁਲਾਜ਼ਮ ਇਸ ਮੰਗ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ।

No comments: