Saturday, 15 March 2014

ਆਟਾ-ਦਾਲ ਯੋਜਨਾ ’ਤੇ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਆਹਮੋ ਸਾਹਮਣੇ
Posted On March - 14 - 2014
ਦਵਿੰਦਰ ਪਾਲ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਾਰਚ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਵੱਲੋਂ ਆਟਾ-ਦਾਲ ਯੋਜਨਾ ਦੇ ਨਵੇਂ ਕਾਰਡ ਬਣਾਉਣ ’ਤੇ ਲਾਈ ਪਾਬੰਦੀ ਕਾਰਨ ਸਥਿਤੀ ਹਾਸੋ ਹੀਣੀ ਬਣ ਗਈ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਯੋਜਨਾ ਦੇ 32 ਲੱਖ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਵਾਲੇ ਕਾਰਡ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਸਮੁੱਚੇ ਲਾਭਪਾਤਰੀਆਂ ਨੂੰ ਕਾਰਡ ਦਿੱਤੇ ਜਾ ਚੁੱਕੇ ਹਨ ਅਤੇ ਹੁਣ 6 ਮਹੀਨਿਆਂ ਦੀ ਕਣਕ ਦਿੱਤੀ ਜਾ ਰਹੀ ਹੈ। ਇਸ ਯੋਜਨਾ ਦੇ ਲਾਭਪਾਤਰੀਆਂ ਨੂੰ 4 ਲੱਖ ਟਨ ਕਣਕ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ’ਤੇ ਵਿਰੋਧੀ ਧਿਰ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ।
ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਵਿਭਾਗ ਤੋਂ ਕਣਕ ਵੰਡਣ ਸਬੰਧੀ ਰਿਪੋਰਟ ਮੰਗੀ ਹੈ ਅਤੇ ਨਵੇਂ ਕਾਰਡ ਬਣਾਉਣ ’ਤੇ ਪਾਬੰਦੀ ਲਾਉਣ ਲਈ ਵੀ ਕਿਹਾ ਹੈ। ਕਮਿਸ਼ਨ ਦੇ ਇਹ ਤਾਜ਼ਾ ਹੁਕਮ ਆਪਣੇ ਆਪ ਵਿੱਚ ਹਾਸੋ ਹੀਣੇ ਹਨ ਜਦੋਂ ਕਿ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਵੋਟਰਾਂ ਨੂੰ ਲੁਭਾਉਣ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਧੇ ਤੋਂ ਵੱਧ ਕਾਰਡ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਬਣਾ ਕੇ ਲਾਭਪਾਤਰੀਆਂ ਨੂੰ ਵੰਡੇ ਗਏ ਹਨ।
ਕਮਿਸ਼ਨ ਨੇ ਸਰਕਾਰੀ ਕਾਰਡਾਂ, ਐਂਬੂਲੈਂਸਾਂ ਤੇ ਹੋਰਨਾਂ ਥਾਵਾਂ ’ਤੇ ਭਾਵੇਂ ਮੁੱਖ ਮੰਤਰੀ ਦੀਆਂ ਫੋਟੋਆਂ ਢੱਕਣ ਦੇ ਹੁਕਮ ਦਿੱਤੇ ਹਨ ਪਰ 32 ਲੱਖ ਕਾਰਡਾਂ ਦੀਆਂ ਫੋਟੋਆਂ ਢੱਕੀਆਂ ਨਹੀਂ ਜਾ ਸਕਦੀਆਂ। ਵੀ ਕੇ ਸਿੰਘ ਨੇ ਕਿਹਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ’ਤੇ ਕਮਿਸ਼ਨ ਦੀ ਸਲਾਹ ਲਈ ਜਾਵੇਗੀ ਕਿਉਂਕਿ ਇਹ ਮਾਮਲਾ ਬਹੁਤ ਜ਼ਿਆਦਾ ਚਰਚਾ ਵਿੱਚ ਆ ਗਿਆ ਹੈ। ਪੰਜਾਬ ਸਰਕਾਰ ਦੀ ਆਟਾ ਦਾਲ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ 15.50 ਲੱਖ ਦੇ ਕਰੀਬ ਸੀ। ਕੇਂਦਰ ਸਰਕਾਰ ਵੱਲੋਂ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਬਾਅਦ ਰਾਜ ਸਰਕਾਰ ਨੇ ਇਸ ਯੋਜਨਾ ਦੇ ਲਾਭਪਾਤਰੀ ਪਰਿਵਾਰਾਂ ਦੀ ਗਿਣਤੀ ਵਧਾ ਦਿੱਤੀ। ਵਿਭਾਗ ਵੱਲੋਂ 32 ਲੱਖ ਪਰਿਵਾਰਾਂ ਨੂੰ ਕਣਕ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ 10 ਫ਼ੀਸਦੀ ਪਰਿਵਾਰਾਂ ਨੂੰ ਕਣਕ ਦਿੱਤੀ ਵੀ ਜਾ ਚੁੱਕੀ ਹੈ। ਕਾਂਗਰਸ ਦੇ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਅਤੇ ਆਨੰਦਪੁਰ ਸਹਿਬ ਤੋਂ ਰਵਨੀਤ ਸਿੰਘ ਬਿੱਟੂ ਨੇ ਕਮਿਸ਼ਨ ਕੋਲ ਸਰਕਾਰ ਵਿਰੁੱਧ ਇਸ ਯੋਜਨਾ ਬਾਰੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਧਿਰ ਵੋਟਰਾਂ ਨੂੰ ਲੁਭਾਅ ਰਹੀ ਹੈ।

ਕਾਨਫ਼ਰੰਸ ਲਈ ਅਜੇ ਨਾ ਮਿਲੀ ਆਗਿਆ
ਸ਼੍ਰੋਮਣੀ ਅਕਾਲੀ ਦਲ ਨੂੰ ਕਮਿਸ਼ਨ ਨੇ ਅਜੇ ਤੱਕ ਆਨੰਦਪੁਰ ਸਾਹਿਬ ਵਿਖੇ 16 ਮਾਰਚ ਨੂੰ ਕੀਤੀ ਜਾਣ ਵਾਲੀ ਸਿਆਸੀ ਕਾਨਫ਼ਰੰਸ ਬਾਰੇ ਵੀ ਇਜਾਜ਼ਤ ਨਹੀਂ ਦਿੱਤੀ ਹੈ। ਅਕਾਲੀ ਦਲ ਪਾਰਕਿੰਗ ਵਾਲੀ ਥਾਂ ’ਤੇ ਰੈਲੀ ਕਰਨ ਲਈ ਪ੍ਰਵਾਨਗੀ ਮੰਗ ਰਿਹਾ ਹੈ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਇਹ ਮਾਮਲਾ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੀਈਓ ਦਫ਼ਤਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਪਾਰਕਿੰਗ ਵਾਲੀ ਥਾਂ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀ ਥਾਂ ਹੈ। ਕਮਿਸ਼ਨ ਨੇ ਗੁਰਦੁਆਰੇ ਵਾਲੀ ਥਾਂ ’ਤੇ ਸਿਆਸੀ ਰੈਲੀਆਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ।ਜਲ ਸੈਨਾ ਪੀ-81 ਤੇ ਟੀਯੂ-142 ਜਹਾਜ਼ ਵੀ ਇਸ ਕਾਰਜ ’ਚ ਲਾ ਸਕਦੀ ਹੈ। -ਪੀ.ਟੀ.ਆਈ.

No comments: