| ਲੋਕਾਂ ਨੂੰ ਬੱਚਿਆਂ ਦੇ ਜਨਮ ਮੌਕੇ ਘੱਟੋ ਘੱਟ ਇੱਕ ਪੌਦਾ ਲਾਉਣ ਲਈ ਆਖਿਆ
ਪੰਜਾਬ ਦੇ ਸੇਮ ਮਾਰੇ ਇਲਾਕਿਆਂ ਵਿੱਚ ਕਿਸਾਨਾਂ ਨੂੰ ਜੰਗਲਾਤ ਲਈ ਉਤਸ਼ਾਹਿਤ ਕਰਨ ਵਾਸਤੇ ਐਫ.ਆਰ.ਆਈ ਅਤੇ ਆਈ.ਸੀ.ਐਫ.ਆਰ.ਈ ਤੋਂ ਸਹਾਇਤਾ ਦੀ ਮੰਗ
ਜੰਗਲਾਂ ਤੋਂ ਬਾਹਰ ਦਰਖਤ ਅਤੇ ਲੱਕੜ ਆਧਾਰਤ ਉਦਯੋਗ ਬਾਰੇ ਰਾਸ਼ਟਰੀ ਪੱਧਰ ਦੀ ਮੀਟ ਦਾ ਉਦਘਾਟਨ
ਦੇਹਰਾਦੂਨ (ਉੱਤਰਾਖੰਡ) 27 ਨਵੰਬਰ (ਬਾਬੂਸ਼ਾਹੀ ਬਿਉਰੋ) : ਪੰਜਾਬ ਦੇ ਮੁੱਖ ਮੰਤਰੀ ਸ.
ਪਰਕਾਸ਼ ਸਿੰਘ ਬਾਦਲ ਨੇ ਦੇਸ਼ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਨਾਉਣ
ਲਈ ਵੱਧ ਤੋਂ ਵੱਧ ਪੌਦੇ ਲਾਉਣ ਵਾਸਤੇ 'ਬਾਰਾਮਾਸੀ ਕ੍ਰਾਂਤੀ' ਦਾ ਯੁੱਗ ਸ਼ੁਰੂ ਕਰਨ ਲਈ
ਦੇਸ਼ ਵਾਸੀਆਂ ਸਰਗਰਮ ਮੁਹਿੰਮ ਅਰੰਭਣ ਦਾ ਸੱਦਾ ਦਿੱਤਾ ਹੈ।
ਅੱਜ ਏਥੇ ਫੋਰਿਸਟ ਰਿਸਰਚ ਇੰਸਟੀਚਿਊਟ (ਐਫ.ਆਰ.ਆਈ.) ਵਿਖੇ 'ਜੰਗਲਾਂ ਤੋਂ ਬਾਹਰ ਦਰਖਤ
ਅਤੇ ਲੱਕੜ ਅਧਾਰਤ ਉਦਯੋਗ' ਨਾਲ ਸਬੰਧ ਦੇਸ਼ ਦੀਆਂ ਉੱਘੀਆਂ ਹਸਤੀਆਂ ਦੀ ਮਿਲਣੀ ਦੇ
ਉਦਘਾਟਨੀ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਵਾਤਾਵਰਨ ਦੀ ਸੁਰੱਖਿਆ ਅਤੇ ਪਰਿਆਵਰਣ
ਦੇ ਸੰਤੁਲਨ ਦੇ ਲਈ ਅਵਾਮੀ ਲਹਿਰ ਉਸਾਰਨ ਵਾਸਤੇ ਲੋਕਾਂ ਨੂੰ ਹਰੇਕ ਬੱਚੇ ਦੇ ਜਨਮ ਮੌਕੇ
ਘੱਟੋ ਘੱਟ ਇੱਕ ਪੌਦਾ ਆਪਣੇ ਵੇਹੜੇ ਵਿੱਚ ਲਾਉਣ ਤੋਂ ਇਲਾਵਾ ਆਪਣੀਆਂ ਰਹਿਣ ਵਾਲੀਆਂ
ਥਾਵਾਂ ਦੇ ਨੇੜੇ ਵੀ ਪੌਦੇ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਮ ਜੀਵਨ ਲਈ ਦਰਖਤਾਂ
ਦੀ ਮਹੱਤਤਾ ਬਾਰੇ ਅਵਾਮ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ
ਪੰਜਾਬ ਸਰਕਾਰ ਫੋਰਿਸਟ ਰਿਸਰਚ ਇੰਸਟੀਚਿਊਟ ਦੀ ਸਰਗਰਮ ਮਦਦ ਦੇ ਨਾਲ ਖੇਤੀ ਜੰਗਲਾਤ ਦੇ
ਹੇਠ ਮੌਜੂਦਾ 6.3 ਫ਼ੀਸਦੀ ਰਕਬੇ ਨੂੰ ਵਧਾ ਕੇ 15 ਫੀਸਦੀ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ
ਹੈ। ਸ. ਬਾਦਲ ਨੇ ਕਿਹਾ ਕਿ ਲੁਧਿਆਣਾ ਦੇ ਲਾਡੋਵਾਲ ਵਿਖੇ ਬਣ ਰਿਹਾ ਮਿਨੀ ਫੋਰਿਸਟ ਰਿਸਰਚ
ਇੰਸਟੀਚਿਊਟ ਇਸ ਦਿਸ਼ਾ ਵੱਲ ਨੂੰ ਸਹੀ ਕਦਮ ਹੈ ਜੋ ਕਿ ਸੂਬੇ ਵਿੱਚ 'ਦੂਜੀ ਹਰੀ ਕ੍ਰਾਂਤੀ '
ਲਿਅਉਣ ਅਤੇ ਖੇਤੀ ਜੰਗਲਾਤ ਨੂੰ ਬੜ੍ਹਾਵਾ ਦੇਣ ਲਈ ਵੱਡੀ ਪੱਧਰ 'ਤੇ ਭੂਮਿਕਾ ਨਿਭਾਵੇਗਾ।
ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਸਾਰਿਆਂ ਨੂੰ ਅਗਲੀ ਫੋਰਿਸਟ ਰਿਸਰਚ ਇੰਸਟੀਚਿਊਟ ਮੀਟ
ਮਿੰਨੀ ਫੋਰਿਸਟ ਰਿਸਰਚ ਇੰਸਟੀਚਿਊਟ ਵਿੱਚ ਕਰਨ ਦਾ ਸੱਦਾ ਦਿੰਦਾ ਹਾਂ ਅਤੇ ਇਹ ਸੂਬੇ ਵਿੱਚ
ਖੇਤੀ ਜੰਗਲਾਤ ਨੂੰ ਬੜ੍ਹਾਵਾ ਦੇਵੇਗੀ।''
ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਜੰਗਲਾਤ ਸਮੇਂ ਦੀ ਜ਼ਰੂਰਤ ਹੈ ਖਾਸ ਕਰ ਉਸ ਸਮੇਂ ਜਦੋਂ
ਪੰਜਾਬ ਦੀ ਰਵਾਇਤੀ ਖੇਤੀ ਪਹਿਲਾਂ ਹੀ ਆਪਣੇ ਵਿਕਾਸ ਦੇ ਸਿਰੇ 'ਤੇ ਪਹੰਚ ਗਈ ਹੈ। ਉਨ੍ਹਾਂ
ਕਿਹਾ ਕਿ ਸੂਬਾ ਸਰਕਾਰ ਨੇ ਖੇਤੀ ਜੰਗਲਾਤ ਨੂੰ ਬੜ੍ਹਾਵਾ ਦੇਣ ਲਈ ਪਹਿਲਾਂ ਹੀ ਕਈ ਕਦਮ
ਚੁੱਕੇ ਹਨ। ਇਸ ਮਕਸਦ ਲਈ 'ਗਰੀਨ ਪੰਜਾਬ ਮਿਸ਼ਨ' ਸ਼ੁਰੂ ਕੀਤਾ ਗਿਆ ਹੈ। ਕਿਸਾਨਾਂ ਨੂੰ
ਬਿਮਾਰੀ ਰੋਧਕ ਅਤੇ ਮਿਆਰੀ ਪੌਦੇ ਮੁਹਈਆ ਕਰਵਾਉਣ ਦੇ ਲਈ ਕਲੋਨਲ ਨਰਸਰੀਆਂ ਅਤੇ ਲੱਕੜ
ਮੰਡੀਆਂ ਦੀ ਸਥਾਪਨਾ ਕੀਤੀ ਗਈ ਹੈ। ਅਵਾਮ ਨੂੰ ਵੱਡੀ ਪੱਧਰ 'ਤੇ ਖੇਤੀ ਜੰਗਲਾਤ ਵੱਲ
ਉਸ਼ਾਹਿਤ ਕਰਨ ਲਈ ਸ. ਬਾਦਲ ਨੇ ਫੋਰਿਸਟ ਰਿਸਰਚ ਇੰਸਟੀਚਿਊਟ ਅਤੇ ਇੰਡੀਅਨ ਕੌਂਸਲ ਆਫ਼
ਫੋਰੈਸਟਰੀ ਰਿਸਰਚ ਐਂਡ ਐਜ਼ੂਕੇਸ਼ਨ (ਆਈ. ਸੀ. ਐਫ. ਆਰ. ਈ.) ਤੋਂ ਸਹਾਇਤਾ ਅਤੇ ਸੇਧ ਦੀ
ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਦੇ ਪੱਛਮੀ ਜਿਲ੍ਹਿਆਂ ਦੇ ਸੇਮ ਮਾਰੇ
ਇਲਾਕਿਆਂ 'ਤੇ ਖਾਸ ਜ਼ੋਰ ਦਿੱਤਾ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਆਪਣੇ ਉਤਪਾਦਨ ਦਾ ਖੁਲ੍ਹੀ ਮੰਡੀ ਵਿੱਚ ਘੱਟੋ
ਘੱਟ ਸਮਰਥਨ ਮੁੱਲ ਮੁਹੱਈਆ ਕਰਵਾਉਣ ਦੇ ਵਾਸਤੇ ਕਾਗਜ ਉਦਯੋਗ ਵਿੱਚ ਲੱਗੇ ਉੱਘੇ ਉਦਯੋਗਿਕ
ਘਰਾਣਿਆਂ ਨੂੰ ਅੱਗੇ ਆਉਣ ਲਈ ਜ਼ੋਰ ਪਾਇਆ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਅਜਿਹੇ
ਉਦਯੋਗਪਤੀਆਂ ਨੂੰ ਕਿਸਾਨਾਂ ਦੇ ਉਤਪਾਦਨ ਦਾ ਵਧੀਆ ਭਾਅ ਯਕੀਨੀ ਬਨਾਉਣ ਵਾਸਤੇ ਰਾਜ
ਸਰਕਾਰ ਅਤੇ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਅਵਾਨਥਾ
ਗਰੁਪ ਦੇ ਚੇਅਰਮੈਨ ਸ੍ਰੀ ਗੋਤਮ ਥਾਪਰ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਇਕ ਕਾਗਜ
ਸੱਨਅਤ ਸਥਾਪਿਤ ਕਰਨ ਅਤੇ ਲੱਕੜ ਪੈਦਾ ਕਰਨ ਵਾਲਿਆਂ ਲਈ ਮੰਡੀ ਅਤੇ ਹੋਰ ਸਹੂਲਤਾਂ ਮੁਹੱਈਆ
ਕਰਵਾ ਕੇ ਮਦਦ ਕਰਨ।
ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਦੋ ਉਘੇ ਜੰਗਲਾਤ ਮਾਹਰ ਸ੍ਰੀ ਪਿਆਰੇ ਲਾਲ
ਅਤੇ ਸ੍ਰੀ ਹਰਦੀਪ ਸਿੰਘ ਗੁਜਰਾਲ ਨੂੰ ਜੰਗਲਾਤ ਅਤੇ ਵਾਤਾਵਰਣ ਵਿੱਚ ਯੋਗਦਾਨ ਪਾਉਣ ਲਈ
ਜੀਵਨ ਭਰ ਦੀਆਂ ਪ੍ਰਾਪਤੀਆਂ ਵਾਸਤੇ ਅਵਾਰਡ ਦੇ ਕੇ ਸਨਮਾਨ ਕੀਤਾ।
ਇਸ ਮੌਕੇ 'ਤੇ ਆਈ.ਸੀ.ਐਫ.ਆਰ.ਈ ਦੇ ਡਾਇਰੈਕਟਰ ਜਨਰਲ ਡਾ: ਅਸ਼ਵਨੀ ਕੁਮਾਰ ਨੇ
ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਵਰਕਸਾਪ ਬਹੁਤ ਜ਼ਿਆਦਾ ਲਾਭਦਾਇਕ
ਹੋਵੇਗੀ ਅਤੇ ਇਹ ਖੇਤੀ ਜੰਗਲਾਤ ਦੇ ਅਤਿ ਆਧੁਨਿਕ ਅਮਲਾਂ ਨੂੰ ਅਪਨਾਉਣ ਲਈ ਖੇਤੀ ਜੰਗਲਾਤ
ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਪ੍ਰੇਰਿਤ ਕਰੇਗੀ।
ਐਫ.ਆਰ.ਆਈ ਦੇ ਡਾਇਰੈਕਟਰ ਡਾ: ਪੀ.ਪੀ.ਭੋਜਵੈਦ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ
ਪੰਜਾਬ ਦੇ ਮੁੱਖ ਮੰਤਰੀ ਦੀ ਖੇਤੀ ਜੰਗਲਾਤ ਨੂੰ ਵੜ੍ਹਾਵਾ ਦੇਣ ਵਾਸਤੇ ਦੂਰਦਰਸ਼ਟੀ ਦੀ
ਸਰਹਾਣਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਲਾਡੋਵਾਲ ਵਿਖੇ ਬਣ ਰਿਹਾ ਮਿੰਨੀ ਐਫ.ਆਰ.ਆਈ
ਦੇਸ਼ ਵਿੱਚ ਖੇਤੀ ਜੰਗਲਾਤ ਨੂੰ ਵੜ੍ਹਾਵਾ ਦੇਵੇਗਾ। ਉਨ੍ਹਾਂ ਨੇ ਸੂਬਾ ਸਰਕਾਰ ਵਲੋਂ
'ਗਰੀਨ ਪੰਜਾਬ ਫੰਡ' ਸਥਾਪਨ ਕਰਨ ਦੀ ਵਿਲੱਖਣ ਪਹਿਲਕਦਮੀ ਦੀ ਸਰਹਾਣਾ ਕੀਤੀ ਅਤੇ ਕਿਹਾ ਕਿ
ਜੰਗਲਾਂ ਤੋਂ ਬਾਹਰ ਦਰਖਤਾਂ ਨੂੰ ਬੜ੍ਹਾਵਾ ਦੇਣ ਲਈ ਇਹ ਮੀਲ ਦਾ ਪਥਰ ਸਾਬਤ ਹੋਵੇਗੀ।
ਡਾ; ਭੋਜਵੈਦ ਨੇ ਇਹ ਵੀ ਕਿਹਾ ਕਿ ਮਿੰਨੀ ਐਫ.ਆਰ.ਆਈ ਆਪਣੇ ਕਿਸਮ ਦਾ ਦੇਸ਼ ਵਿੱਚ ਪਹਿਲਾ
ਇੰਸਟੀਚਿਊਟ ਹੋਵੇਗਾ ਜੋ ਜੰਗਲਾਤ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਹੋਰ ਤੇਜ਼ ਕਰੇਗਾ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ
ਕੇ.ਜੇ.ਐਸ ਚੀਮਾ ਅਤੇ ਪ੍ਰਮੁੱਖ ਚੀਫ ਕੰਨਜਰਵੇਟਰ ਫੋਰੈਸਟ ਡਾ: ਕੁਲਦੀਪ ਕੁਮਾਰ ਵੀ ਹਾਜ਼ਰ
ਸਨ। |
|
No comments:
Post a Comment