Sunday, 30 November 2014

ਸੁਰਜੀਤ ਸਿੰਘ ਰੱਖੜਾ ਪੁਰਸਕਾਰ ਜੇਤੂਆਂ ਨੂੰ 6 ਦਸੰਬਰ ਨੂੰ ਨਗਦ ਇਨਾਮ ਤੇ ਪਲੇਕ ਨਾਲ ਸਨਮਾਨਤ ਕਰਨਗੇ ਭਾਸ਼ਾ ਵਿਭਾਗ ਵੱਲੋਂ ਸਾਲ 2013 ਦੇ ਸਰਵੋਤਮ ਪੁਸਤਕ ਮੁਕਾਬਲੇ ਦੇ ਪੁਰਸਕਾਰਾਂ ਦਾ ਐਲਾਨ

 (News posted on: 30 Nov 2014)
 Email Print 


ਚੰਡੀਗੜ੍ਹ, 30 ਨਵੰਬਰ (ਬਾਬੂਸ਼ਾਹੀ ਬਿਊਰੋ): ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2013 ਦੇ ਸਰਵੋਤਮ ਪੁਸਤਕ ਮੁਕਾਬਲੇ ਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10 ਵੱਖ-ਵੱਖ ਵੰਨਗੀਆਂ ਲਈ 10 ਸਰਵੋਤਮ ਪੁਸਤਕਾਂ ਦੀ ਚੋਣ ਕਰਦਿਆਂ ਉਨ੍ਹਾਂ ਦੇ ਲੇਖਕਾਂ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ 6 ਦਸੰਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਸਪਤਾਹ ਦੇ ਸਮਾਪਤੀ ਸਮਾਰੋਹ ਮੌਕੇ ਪੁਰਸਕਾਰ ਜੇਤੂ ਪੁਸਤਕਾਂ ਦੇ ਲੇਖਕਾਂ ਨੂੰ ਸਨਮਾਨਤ ਕਰਨਗੇ। ਇਹ ਜਾਣਕਾਰੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਚੇਤੰਨ ਸਿੰਘ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ੍ਰੀ ਚੇਤੰਨ ਸਿੰਘ ਨੇ ਦੱਸਿਆ ਕਿ ਪੁਰਸਕਾਰ ਲਈ ਚੁਣੀਆਂ ਗਈਆਂ ਪੁਸਤਕਾਂ ਦੇ ਲੇਖਕਾਂ ਨੂੰ ਭਾਸ਼ਾ ਮੰਤਰੀ ਸ. ਰੱਖੜਾ 21 ਹਜ਼ਾਰ ਦੀ ਨਗਦ ਰਾਸ਼ੀ ਅਤੇ ਪਲੇਕ ਨਾਲ ਸਨਮਾਨਤ ਕਰਨਗੇ। ਉਨ੍ਹਾਂ ਪੁਰਸਕਾਰਾਂ ਦਾ ਵੇਰਵਾਂ ਦਿੰਦਿਆਂ ਦੱਸਿਆ ਕਿ ਸ.ਗੁਰਮੁਖ ਸਿੰਘ ਮੁਸਾਫਿਰ (ਕਵਿਤਾ) ਲਈ ਸਰਬਜੀਤ ਕੌਰ ਜੱਸ ਦੀ ਪੁਸਤਕ 'ਰਾਹਾਂ ਦੀ ਤਪਸ਼', ਪਿੰ੍ਰਸੀਪਲ ਸੁਜਾਨ ਸਿੰਘ ਪੁਰਸਕਾਰ (ਕਹਾਣੀ) ਲਈ ਕ੍ਰਿਸ਼ਨ ਕੁਮਾਰ ਰੱਤੂ ਦੀ ਪੁਸਤਕ 'ਸੜਕ, ਸੰਸਦ ਤੇ ਆਦਮੀ', ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਲਈ ਇਕਬਾਲ ਰਾਮੂਵਾਲੀਆ ਦੀ ਪੁਸਤਕ 'ਸੜ੍ਹਦੇ ਸਾਜ਼ ਦੀ ਸਰਗਰਮ', ਡਾ.ਅਤਰ ਸਿੰਘ ਪੁਰਸਕਾਰ (ਆਲੋਚਨਾ) ਲਈ ਬਲਦੇਵ ਸਿੰਘ ਧਾਲੀਵਾਲ ਦੀ ਪੁਸਤਕ 'ਆਧੁਨਿਕ ਪੰਜਾਬੀ ਕਾਵਿ ਸੰਦਰਭਗਤ ਅਧਿਐਨ', ਐਮ.ਐਮ.ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਲਈ ਸੁਖਦੇਵ ਮਾਧਪੁਰੀ ਦੀ ਪੁਸਤਕ 'ਲੋਕ ਗੀਤਾਂ ਦੀਆਂ ਕੂਲ੍ਹਾਂ-ਸ਼ਗਨਾਂ ਦੇ ਗੀਤ', ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫਰਨਾਮਾ) ਲਈ ਪਰਮਬੀਰ ਕੌਰ ਦੀ ਪੁਸਤਕ 'ਜ਼ਿੰਦਗੀ ਦੀ ਸੱਜ ਧੱਜ' ਅਤੇ ਸ੍ਰੀ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਲਈ ਪਵਨ ਹਰਚੰਦਪੁਰੀ ਦੀ ਪੁਸਤਕ 'ਪੰਛੀਆਂ ਦੀ ਪੰਚਾਇਤ' ਨੂੰ ਚੁਣਿਆ ਗਿਆ ਹੈ।
ਇਸੇ ਤਰ੍ਹਾਂ ਉਰਦੂ ਭਾਸ਼ਾ ਲਈ ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਲਈ ਕੁੰਦਨ ਲਾਲ ਕੁੰਦਨ ਦੀ ਪੁਸਤਕ 'ਕੁੰਦਨ ਪਾਰੇ', ਰਾਜਿੰਦਰ ਸਿੰਘ ਬੇਦੀ (ਕਹਾਣੀ/ਡਰਾਮਾ) ਪੁਰਸਕਾਰ ਲਈ ਰੇਨੂੰ ਬਹਿਲ ਦੀ ਪੁਸਤਕ 'ਬਦਲੀ ਮੇਂ ਛੁਪਾ ਚਾਂਦ' ਅਤੇ ਮਹਿਮੂਦ ਸ਼ਿਰਾਨੀ ਪੁਰਸਕਾਰ (ਆਲੋਚਨਾ) ਲਈ ਮਹਿੰਦਰ ਪ੍ਰਤਾਪ ਚਾਂਦ ਦੀ ਪੁਸਤਕ 'ਨਿਸ਼ਾ ਤੇ ਕਲਪ' ਨੂੰ ਚੁਣਿਆ ਗਿਆ।

No comments: