Monday, 20 January 2014

ਮੋਹਰੀ ਮੁਲਾਜ਼ਮ ਜਥੇਬੰਦੀਆਂ ਦੀ ਏਕਤਾ

Posted On January - 18 - 2014

ਸਰਕਾਰ ਖ਼ਿਲਾਫ਼ ਮੋਰਚੇ ਦਾ ਐਲਾਨ, ਪਿੰਡ ਬਾਦਲ ਤੋਂ ਹੋਵੇਗਾ ਸੰਘਰਸ਼ ਸ਼ੁਰੂ

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ,18 ਜਨਵਰੀਪਿੱਛਲੇ ਇੱਕ ਦਹਾਕੇ ਤੋਂ ਫੁੱਟ ਦਾ ਸ਼ਿਕਾਰ ਪੰਜਾਬ ਦੀਆਂ ਪ੍ਰਮੁੱਖ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਇਤਿਹਾਸਕ ਏਕਤਾ ਉਸਾਰ ਕੇ ਸਾਂਝੇ ਸੰਘਰਸ਼ ਰਾਹੀਂ ਬਾਦਲ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਪਹਿਲੇ ਦੌਰ ਵਿੱਚ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਤੋਂ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੁਲਾਜ਼ਮ ਆਗੂਆਂ ਨੇ ਆਪਸੀ ਨਿੱਜੀ ਰੰਜਿਸ਼ਾਂ ਅਤੇ ਸਿਆਸੀ ਵਲਗਣਾਂ ਤੋਂ ਉਪਰ ਉਠ ਕੇ ਬਾਦਲ ਸਰਕਾਰ ਵਿਰੁੱਧ ਸਾਂਝਾ ਸੰਘਰਸ਼ ਛੇੜਨ ਦਾ ਫੈਸਲਾ ਲਿਆ ਹੈ। ਇਸ ਸਾਂਝੇ ਫਰੰਟ ਵਿੱਚ ਖੱਬੀਆਂ ਧਿਰਾਂ ਦੀ ਸੋਚ ਵਾਲੀਆਂ ਸਮੁੱਚੀਆਂ ਫੈਡਰੇਸ਼ਨਾਂ, ਕਾਂਗਰਸ ਪਾਰਟੀ ਅਧੀਨ ਚੱਲਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਇੰਟਕ) ਅਤੇ ਡੈਮੋਕਰੈਟਿਕ ਐਂਪਲਾਈਜ਼ ਫਰੰਟ ਦੇ ਸ਼ਾਮਲ ਹੋਣ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਵੀ ਪ੍ਰਭਾਵਿਤ ਹੋਣ ਦੇ ਸੰਕੇਤ ਮਿਲੇ ਹਨ। ਸੂਤਰਾਂ ਅਨੁਸਾਰ ਇਸ ਸਾਂਝੇ ਫਰੰਟ ਵੱਲੋਂ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਪਣਾ ਸੰਘਰਸ਼ ਪੂਰੀ ਤਰ੍ਹਾਂ ਮਘਾਉਣ ਦੀ ਰਣਨੀਤੀ ਬਣਾਈ ਹੈ। ਇਸ ਕਾਰਨ ਚੋਣਾਂ ਦੌਰਾਨ ਇਹ ਫਰੰਟ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਲਈ ਮੁਸੀਬਤ ਬਣ ਸਕਦਾ ਹੈ। ਪੰਜਾਬ ਦੀਆਂ ਪ੍ਰਮੁੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੇਦ ਪ੍ਰਕਾਸ਼, ਸੱਜਣ ਸਿੰਘ, ਰਣਬੀਰ ਢਿਲੋਂ, ਭੁਪਿੰਦਰ ਸਿੰਘ ਵੜੈਚ, ਠਾਕੁਰ ਧਿਆਨ ਸਿੰਘ, ਸੁਖਦੇਵ ਸਿੰਘ ਰੋਪੜ ਤੇ ਸੁਖਦੇਵ ਸਿੰਘ ਸੈਣੀ ਸਮੇਤ ਬਿਜਲੀ ਮੁਲਾਜ਼ਮਾਂ ਦੇ ਆਗੂ ਸਤਨਾਮ ਸਿੰਘ ਛਲੇੜੀ, ਸਤੀਸ਼ ਰਾਣਾ, ਸਵਰਨਜੀਤ ਸਿੰਘ, ਜਗਦੀਸ਼ ਸਿੰਘ ਚਾਹਲ, ਰਣਜੀਤ ਸਿੰਘ ਰਾਣਵਾਂ, ਚਰਨ ਸਿੰਘ ਸਰਾਭਾ ਅਤੇ ਮੰਗਤ ਖਾਨ ਆਦਿ ਨੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਤਹਿਤ ਸਾਂਝੇ ਫਰੰਟ ਦੀ ਉਸਾਰੀ ਕੀਤੀ ਹੈ। ਦੱਸਣਯੋਗ ਹੈ ਕਿ ਇਹ ਪ੍ਰਮੁੱਖ ਮੁਲਾਜ਼ਮ ਜਥੇਬੰਦੀਆਂ ਸਾਲ 2003 ਦੌਰਾਨ ਕੈਪਟਨ ਸਰਕਾਰ ਵੇਲੇ ਕੁੱਝ ਸਮੇਂ ਲਈ ਇਕੱਠੀਆਂ ਹੋਈਆਂ ਸਨ ਪਰ ਉਸ ਤੋਂ ਬਾਅਦ ਪੰਜਾਬ ਦੀ ਮੁਲਾਜ਼ਮ ਲਹਿਰ ਨਿਰੰਤਰ ਫੁੱਟ ਦਾ ਸ਼ਿਕਾਰ ਰਹੀ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਗੰਭੀਰ ਮੁਲਾਜ਼ਮ ਮਾਰੂ ਨੀਤੀਆਂ ਨੇ ਉਨ੍ਹਾਂ ਨੂੰ ਆਪਣੇ ਮੱਤਭੇਦ ਭੁਲਾ ਕੇ ਸਾਂਝੇ ਥੜ੍ਹੇ ਤੋਂ ਲੜਨ ਲਈ ਮਜਬੂਰ ਕੀਤਾ ਹੈ। ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਤੋਂ ਬਾਅਦ ਸੱਤਾ ਵਿਚ ਆਈ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਉਲਟਾ ਮੁਲਾਜ਼ਮਾਂ ਨੂੰ ਪਹਿਲਾਂ ਮਿਲਦੀਆਂ ਮੰਗਾਂ ਉਪਰ ਹੀ ਕੁਹਾੜਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ।ਅੱਜ ਉਸਰੇ ਇਸ ਸਾਂਝੇ ਮੁਹਾਜ਼ ਨੇ 28 ਜਨਵਰੀ ਨੂੰ ਰਾਜ ਭਰ ਵਿੱਚ ਜਿਲ੍ਹਾ ਪੱਧਰਾਂ ’ਤੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 9 ਫਰਵਰੀ ਨੂੰ ਲੰਬੀ ਤੋਂ ਮੁੱਖ ਮੰਤਰੀ ਦੇ ਪਿੰਡ ਬਾਦਲ ਵੱਲ ਵਿਸ਼ਾਲ ਰੋਸ ਮਾਰਚ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਸੰਘਰਸ਼ ਕਮੇਟੀ ਵੱਲੋਂ ਹੋਰ ਮੰਗਾਂ ਦੇ ਨਾਲ ਨਾਲ ਠੇਕਾ ਅਧਾਰਤ ਅਤੇ ਆਊਟਸੋਰਸਿੰਗ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਦੀ ਆਰਥਿਕ ਲੁੱਟ ਬੰਦ ਕਰਨ, ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉਪਰ ਪੈਨਸ਼ਨ ਸਕੀਮ ਲਾਗੂ ਕਰਨ,ਬਿਜਲੀ ਨਿਗਮ ਦੇ ਮੁਲਾਜ਼ਮਾਂ ਉਪਰ ਵੇਜ ਫਾਰਮੂਲੇਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ, ਦਰਜਾ-4 ਮੁਲਾਜ਼ਮਾਂ ਦਾ ਜੀਪੀ ਫੰਡ ਦਾ ਲੈਣ-ਦੇਣ ਡੀਡੀਓ ਪੱਧਰ ’ਤੇ ਕਰਨ, ਹਰੇਕ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਨਿਜੀਕਰਨ ਦੀ ਨੀਤੀ ਖਤਮ ਕਰਨ ਆਦਿ ਮੰਗਾਂ ਲਈ ਸੰਘਰਸ਼ ਛੇੜਣ ਦੀ ਰਣਨੀਤੀ ਬਣਾਈ ਹੈ।

No comments: